– ਬਰਾਮਦ ਕਰੀਬ 6 ਹਜ਼ਾਰ ਲੀਟਰ ਲਾਹਣ, 3 ਭੱਠੀਆਂ, 6 ਲੋਹੇ ਦੇ ਡਰੰਮ ਤੇ ਸ਼ਰਾਬ ਦੀਆਂ ਬੋਤਲਾਂ ਮੌਕੇ ’ਤੇ ਕੀਤੀਆਂ ਨਸ਼ਟ
ਜਲੰਧਰ 24 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਸਹਾਇਕ ਕਮਿਸ਼ਨਰ (ਆਬਕਾਰੀ), ਜਲੰਧਰ ਰੇਂਜ-2 ਨਵਜੀਤ ਸਿੰਘ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ, ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਦੀਆਂ ਹਦਾਇਤਾਂ ’ਤੇ ਆਬਕਾਰੀ ਵਿਭਾਗ ਵਲੋਂ ਨਜ਼ਾਇਜ ਸ਼ਰਾਬ ਦੀ ਰੋਕਥਾਮ ਲਈ ਆਬਕਾਰੀ ਅਫਸਰ, ਜਲੰਧਰ ਵੈਸਟ-ਏ ਸੁਨੀਲ ਗੁਪਤਾ ਦੀ ਨਿਗਰਾਨੀ ਵਿੱਚ ਆਬਕਾਰੀ ਵਿਭਾਗ ਦੀ ਟੀਮ ਜਿਸ ਵਿੱਚ ਆਬਕਾਰੀ ਨਿਰੀਖਕ, ਨੂਰਮਹਿਲ ਸਰਵਣ ਸਿੰਘ, ਆਬਕਾਰੀ ਨਿਰੀਖਕ ਨਕੋਦਰ ਸਾਹਿਲ ਰੰਗਾ ਸ਼ਾਮਿਲ ਸਨ, ਵਲੋਂ ਆਬਕਾਰੀ ਪੁਲਿਸ ਸਮੇਤ ਅੱਜ ਸਤਲੁਜ ਦਰਿਆ ਦੇ ਕੰਢੇ ਉਤੇ ਪੈਂਦੇ ਪਿੰਡਾਂ ਬੁਰਜ, ਗਦਰੇ, ਢਗਾਰਾ, ਸੰਗੋਵਾਲ, ਭੋਡੇ, ਵੇਹਰਾਂ, ਕੈਮਵਾਲਾ ਅਤੇ ਧਰਮੇ ਦੀਆ ਛੰਨਾ ਵਿਖੇ ਵਿਸ਼ੇਸ ਤਲਾਸ਼ੀ ਮੁਹਿੰਮ ਚਲਾਈ ਗਈ।
ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਰੇਂਜ-2 ਨਵਜੀਤ ਸਿੰਘ ਨੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ 11 ਪਲਾਸਟਿਕ ਤਿਰਪਾਲ (ਹਰੇਕ ਵਿੱਚ 500 ਲੀਟਰ) ਲਗਭਗ 5500 ਲੀਟਰ ਲਾਹਣ, 3 ਚਾਲੂ ਭੱਠੀਆਂ ਸਮੇਤ 6 ਲੋਹੇ ਦੇ ਡਰੰਮ ਜਿਨ੍ਹਾਂ ਵਿੱਚ ਲਗਭਗ 480 ਲੀਟਰ ਲਾਹਣ, 2 ਖਾਲੀ ਲੋਹੇ ਦੇ ਡਰੰਮ, 1 ਸਿਲਵਰ ਪਤੀਲਾ, ਜਿਸ ਵਿੱਚ ਲਗਭਗ 36 ਬੋਤਲਾਂ ਨਾਜਾਇਜ਼ ਸ਼ਰਾਬ, 3 ਰਬੜ ਦੀਆਂ ਟਿਊਬਾਂ, ਜਿਨ੍ਹਾਂ ਵਿੱਚ ਲਗਭਗ 250 ਬੋਤਲਾਂ ਨਾਜਾਇਜ਼ ਸ਼ਰਾਬ, 4 ਪਲਾਸਟਿਕ ਦੀਆਂ ਬੋਤਲਾਂ ਅਤੇ 1 ਪਲਾਸਟਿਕ ਕੈਨ, ਜਿਸ ਵਿੱਚ ਲਗਭਗ 17 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 4 ਥੈਲੇ ਗੁੜ ਲਗਭਗ 160 ਕਿਲੋਗ੍ਰਾਮ ਲਵਾਰਿਸ ਹਾਲਤ ਵਿੱਚ ਮਿਲੇ ਸਨ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਇਹਨਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਨਜ਼ਾਇਜ ਸ਼ਰਾਬ ਦੀ ਵਰਤੋਂ ਨਾ ਕਰਨ ਅਤੇ ਇਸ ਸਬੰਧ ਵਿੱਚ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਆਬਕਾਰੀ ਵਿਭਾਗ ਨਾਲ ਸਾਂਝੀ ਕਰਨ ਲਈ ਵੀ ਪ੍ਰੇਰਿਆ ਗਿਆ।