ਹੁਸ਼ਿਆਰਪੁਰ 9 ਸਤੰਬਰ (ਤਰਸੇਮ ਦੀਵਾਨਾ ) ਹੜ੍ਹਾ ਕਰਕੇ ਪਾਣੀ ਦੀ ਮਾਰ ਹੇਠ ਆਏ ਵੱਖ ਵੱਖ ਪਿੰਡਾਂ ਵਿੱਚ ਹੁਣ ਦੂਸ਼ਿਤ ਪਾਣੀ ਪੀਣ ਨਾਲ ਲੋਕਾਂ ਨੂੰ ਦਸਤ, ਚਮੜੀ ਦੇ ਰੋਗਾਂ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣ ਗਿਆ ਹੈ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਜਾਣਾ ਅਤਿ ਜ਼ਰੂਰੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਐਸ ਐਸ ਮੈਡੀਸਿਟੀ ਹਸਪਤਾਲ ਮੁਕੇਰੀਆਂ ਦੇ ਐਮਡੀ ਡਾਕਟਰ ਹਰਜੀਤ ਸਿੰਘ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਇਹਨਾਂ ਦਿਨਾਂ ਵਿੱਚ ਬੇਸ਼ੱਕ ਕਈ ਪਿੰਡਾਂ ਵਿੱਚ ਹੁਣ ਪਾਣੀ ਦਾ ਪੱਧਰ ਘੱਟ ਗਿਆ ਹੈ। ਪਰ ਹੜਾਂ ਕਾਰਨ ਹਰ ਪਾਸੇ ਗੰਦਗੀ,ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੈ।
ਉਹਨਾਂ ਕਿਹਾ ਕਿ ਦੂਸ਼ਿਤ ਪਾਣੀ ਪੀਣ ਦੇ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਜੋ ਉਹਨਾਂ ਦੀ ਸਿਹਤ ਲਈ ਹਾਨੀਕਾਰਕ ਹੋਣਗੀਆਂ। ਉਹਨਾਂ ਕਿਹਾ ਕਿ ਡੇਂਗੂ,ਮਲੇਰੀਆ ਅਤੇ ਚਮੜੀ ਦੇ ਰੋਗ ਵੀ ਇਹਨਾਂ ਦਿਨਾਂ ਵਿੱਚ ਜਿਆਦਾ ਨੁਕਸਾਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕੀੜਿਆਂ ਦੇ ਕੱਟਣ ਨਾਲ ਵੀ ਲੋਕਾਂ ਦੀ ਸਿਹਤ ਵਿਗੜ ਸਕਦੀ ਹੈ। ਇਸ ਲਈ ਲੋਕਾਂ ਨੂੰ ਪੂਰੀ ਤਰਾ ਸਾਵਧਾਨ ਰਹਿਣ ਦੀ ਲੋੜ ਹੈ ! ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਸ਼ੁੱਧਤਾ ਵੱਲ ਖਾਸ ਧਿਆਨ ਰੱਖਣ ਅਤੇ ਇਹ ਕੋਸ਼ਿਸ਼ ਕੀਤੀ ਜਾਵੇ ਕਿ ਬੋਤਲ ਵਿੱਚ ਬੰਦ ਸ਼ੁੱਧ ਪਾਣੀ ਹੀ ਪੀਤਾ ਜਾਵੇ ਅਤੇ ਜੇਕਰ ਘਰ ਦੇ ਸਮਰਸੀਬਲ ਜਾਂ ਨਲਕੇ ਦਾ ਪਾਣੀ ਪੀਣਾ ਹੈ ਤਾਂ ਉਸ ਨੂੰ ਪਹਿਲਾ ਉਬਾਲਿਆ ਜਾਵੇ ਅਤੇ ਫੇਰ ਪੀਤਾ ਜਾਵੇ ।
ਉਹਨਾਂ ਕਿਹਾ ਕਿ ਕਿਸੇ ਵੀ ਤਰੀਕੇ ਦੇ ਨਾਲ ਪਾਣੀ ਜਾਂ ਮਿੱਟੀ ਦੇ ਸੰਪਰਕ ਵਿੱਚ ਆਈ ਕਿਸੇ ਵੀ ਚੀਜ਼ ਦਾ ਸੇਵਨ ਨਾ ਕੀਤਾ ਜਾਵੇ ਤਾਂ ਬਹੁਤ ਚੰਗਾ ਹੋਵੇਗਾ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਚਮੜੀ ਦੇ ਰੋਗਾਂ ਤੋਂ ਬਚਾ ਲਈ ਇਹਨਾਂ ਦਿਨਾਂ ਵਿੱਚ ਪੂਰੀ ਤਰ੍ਹਾਂ ਸੁੱਕੇ ਅਤੇ ਸਾਫ ਸੁਥਰੇ ਕੱਪੜੇ ਹੀ ਪਾਏ ਜਾਣ।