Breaking
Sat. Oct 11th, 2025

ਸਿਵਲ ਸਰਜਨ ਦਫ਼ਤਰ ਦੀ ਵਿਖੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਸਿਵਲ ਸਰਜਨ

ਬੀਮਾਰੀਆਂ ਤੋਂ ਬਚਾਅ ਲਈ ਵਾਤਾਵਰਣ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ: ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ

ਹੁਸ਼ਿਆਰਪੁਰ 5 ਜੂਨ (ਤਰਸੇਮ ਦੀਵਾਨਾ )- ਅੱਜ ਦੇ ਜ਼ਮਾਨੇ ਵਿੱਚ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਆਵਾਜ਼ਾਈ ਦੇ ਸਾਧਨ, ਫੈਕਟਰੀ, ਇਮਾਰਤਾਂ ਆਦਿ ਦੇ ਨਿਰਮਾਣ ਦੀਆਂ ਗਤੀਵਿਧੀਆਂ, ਪਾਵਰ ਪਲਾਂਟ, ਕੂੜਾ ਕਰਕਟ ਆਦਿ ਦੇ ਬਾਲਣ ਕਾਰਨ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ। ਵਾਤਾਵਰਨ ਨੂੰ ਸਾਫ਼ ਰੱਖਣਾ ਇੱਕ ਵੱਡੀ ਚੁਣੌਤੀ ਬਣ ਚੁੱਕਾ ਹੈ। ਵਿਸ਼ਵ ਵਿੱਚ ਵੱਧ ਰਹੀ ਵਾਤਾਵਰਣ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਕਾਰਨਾ ਵੱਧ ਰਹੀ ਗਰਮੀ, ਹੜ੍ਹਾਂ ਅਤੇ ਹੋਰ ਸੰਬੰਧਤ ਕੁਦਰਤੀ ਆਫਤਾਂ ਦੇ ਵੱਧ ਰਹੇ ਖਤਰੇ ਸੰਬੰਧੀ ਜਾਗਰੂਕ ਹੋਣ ਲਈ ਅਤੇ ਇਸ ਸੰਬੰਧੀ ਜੋ ਵੀ ਉਪਰਾਲੇ ਵਿਅਕਤੀਗਤ ਪੱਧਰ ਤੇ ਕੀਤੇ ਜਾ ਸਕਦੇ ਹਨ, ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਵੱਲੋਂ ਦਫਤਰ ਸਿਵਲ ਸਰਜਨ ਦੀ ਮਲੇਰੀਆ ਬ੍ਰਾਂਚ ਵਿਖੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ, ਜਿਲ੍ਹਾ ਐਪੀਡਿਮੋਲੇਜਿਸਟ ਡਾ ਜਗਦੀਪ ਸਿੰਘ, ਜਿਲਾ ਐਪੀਡਮੋਲਜਿਸਟ ਆਈਡੀਐਸਪੀ ਡਾ ਸੈਲੇਸ਼ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਸੁਪਰਡੈੰਟ ਮਨੋਹਰ ਲਾਲ, ਐਚਆਈ ਜਸਵਿੰਦਰ ਸਿੰਘ, ਐਚਆਈ ਤਰਸੇਮ ਸਿੰਘ ਅਤੇ ਐਚਆਈ ਵਿਸ਼ਾਲ ਪੁਰੀ ਹਾਜ਼ਰ ਸਨ। ਇਸ ਮੌਕੇ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰਦਾ ਲਿਟਰੇਚਰ ਵੀ ਰਿਲੀਜ਼ ਕੀਤਾ ਗਿਆ।

ਸਿਵਲ ਸਰਜਨ ਨੇ ਇਸ ਮੌਕੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸਮੇਂ ਪਲਾਸਟਿਕ ਦੀ ਵਰਤੋਂ ਵਾਤਾਵਰਣ ਲਈ ਬਹੁਤ ਹਾਨੀਕਾਰਕ ਹੈ ਅਤੇ ਸਾਨੂੰ ਇਸ ਦੀ ਵਰਤੋਂ ਨੂੰ ਰੋਕਣ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉੰਕਿ ਪਲਾਸਟਿਕ ਦਹਾਕਿਆਂ/ਸਦੀਆਂ ਲਈ ਵਾਤਾਵਰਣ ਵਿੱਚ ਰਹਿੰਦਾ ਹੈ/ਨਸ਼ਟ ਨਹੀਂ ਹੁੰਦਾ। ਅਜਿਹੇ ‘ਚ ਇਸ ਸਾਲ ਵਿਸ਼ਵ ਵਾਤਾਵਰਣ ਦਿਵਸ 2025 ਦਾ ਥੀਮ “ਪਲਾਸਟਿਕ ਪ੍ਰਦੂਸ਼ਣ ਦਾ ਅੰਤ” ਪਲਾਸਟਿਕ ਦੀ ਵਰਤੋਂ ਨੂੰ ਖਤਮ ਕਰਨ ਨੂੰ ਲੈਕੇ ਹੈ। ਜਦਕਿ ਪੂਰੇ ਵਿਸ਼ਵ ਵਿੱਚ ਹਰ ਸਾਲ ਕਰੋੜਾਂ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ। ਇਸ ਵਿੱਚੋਂ ਅੱਧੇ ਦਾ ਇਸਤੇਮਾਲ ਸਿਰਫ ਇੱਕ ਬਾਰ ਹੋ ਪਾਉਂਦਾ ਹੈ, ਜਦਕਿ 10 ਫੀਸਦੀ ਹੀ ਰੀਸਾਈਕਲ ਹੋ ਪਾਉਂਦਾ ਹੈ।

ਬੀਮਾਰੀਆਂ ਤੋਂ ਬਚਾਅ ਲਈ ਵਾਤਾਵਰਣ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ

ਪਲਾਸਟਿਕ ਵਿੱਚ ਵਰਤੇ ਜਾਣ ਵਾਲੇ ਕਈ ਤਰ੍ਹਾਂ ਦੇ ਰਸਾਇਣਕ ਪਦਾਰਥ ਜੋ ਕਿ ਹਵਾ, ਪਾਣੀ, ਮਿੱਟੀ ਵਿੱਚ ਵੀ ਆ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਦਿਲ, ਪੇਟ, ਜਿਗਰ, ਫੇਫੜਿਆਂ ਦੀਆਂ ਬਿਮਾਰੀਆਂ, ਮਧੂਮੇਹ, ਹਾਰਮੋਨ ਬਦਲਾਅ, ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਬੀਮਾਰੀਆਂ ਤੋਂ ਬਚਾਅ ਲਈ ਵਾਤਾਵਰਣ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਲਈ ਜਿੱਥੋਂ ਤੱਕ ਹੋ ਸਕੇ, ਪਲਾਸਟਿਕ ਦੇ ਉਪਯੋਗ ਤੋਂ ਬਚਣਾ ਚਾਹੀਦਾ ਹੈ ਅਤੇ ਵਾਤਾਵਰਣ ਅਨੁਕੂਲਿਤ ਅਤੇ ਟਿਕਾਊ ਪਲਾਸਟਿਕ ਦੇ ਵਿਕਲਪ ਵਰਤੋਂ ਵਿੱਚ ਲਿਆਉਣੇ ਚਾਹੀਦੇ ਹਨ।

ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਾਤਾਵਰਣ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਹਵਾ ਪ੍ਰਦੂਸ਼ਣ, ਪਾਣੀ ਅਤੇ ਮਿੱਟੀ ਪ੍ਰਦੂਸ਼ਣ, ਹੋਰ ਜਲਵਾਯੂ ਪਰਿਵਰਤਨ ਜਿਵੇਂ ਕਿ ਹਰ ਸਾਲ ਤਾਪਮਾਨ ਵਿੱਚ ਵਾਧਾ ਆਦਿ ਵੱਲ ਤੁਰੰਤ ਵਿਸ਼ੇਸ਼ ਧਿਆਨ ਦੇ ਕੇ ਇਸ ਸੰਬੰਧੀ ਸੁਧਾਰ ਕਰਨ ਦੀ ਬਹੁਤ ਲੋੜ ਹੈ, ਇਸ ਦੇ ਨਾਲ ਹੀ ਕੁਦਰਤ ਨੂੰ ਬਚਾਉਣ ਲਈ ਪਲਾਸਟਿਕ ਦੀ ਵਰਤੋਂ ਨੂੰ ਘੱਟ/ਖਤਮ ਕਰਨਾ ਵੀ ਬਹੁਤ ਜਰੂਰੀ ਹੈ। ਕਿਉਂਕਿ ਮੌਜੂਦਾ ਸਮੇਂ ਵਿੱਚ ਇੱਕ ਆਮ ਆਦਮੀ ਅੋਸਤਨ ਹਰ ਹਫਤੇ ਪਾਣੀ, ਭੋਜਨ, ਹਵਾ ਆਦਿ ਰਾਹੀਂ ਲਗਭੱਗ 5 ਗ੍ਰਾਮ ਪਲਾਸਟਿਕ /ਮਾਈਕ੍ਰੋਪਲਾਸਟਿਕ ਕਿਸੇ ਨਾ ਕਿਸੇ ਰੂਪ ਵਿੱਚ ਖਾ ਰਿਹਾ ਹੈ ਜਾਂ ਸਾਹ ਰਾਹੀਂ ਸਰੀਰ ਅੰਦਰ ਲੈ ਰਿਹਾ ਹੈ।

ਇਸ ਤੋਂ ਬਚਾਅ ਲਈ ਜਰੂਰੀ ਹੈ ਕਿ ਮੁੜ-ਵਰਤੋ ਹੋ ਸਕਣ ਵਾਲੇ ਵਾਤਾਵਰਣ ਅਨੁਕੂਲਿਤ ਬੈਗ ਜਿਵੇਂ ਕਿ ਪਟਸਨ/ਕੱਪੜੇ ਦੇ ਥੈਲੇ ਵਰਤੇ ਜਾਣ, ਮੁੜ-ਵਰਤੋ ਹੋ ਸਕਣ ਵਾਲੀ ਪਾਣੀ ਦੀ ਬੋਤਲ ਨਾਲ ਲੈਕੇ ਚੱਲਿਆ ਜਾਵੇ। ਡਿਸਪੋਜ਼ਿਬਲ/ਥਰਮੋਕੋਲ ਆਦਿ ਦੇ ਕੱਪ/ਪਲੇਟਾਂ/ਚਮਚੇ ਨਾ ਵਰਤੇ ਜਾਣ ਅਤੇ ਜਿੱਥੋਂ ਤੱਕ ਹੋ ਸਕੇ ਪੈਕਡ ਸਬਜ਼ੀਆਂ, ਫੱਲ ਅਤੇ ਪੈਕਡ ਖਾਣੇ ਦੀ ਖਰੀਦਦਾਰੀ ਤੋਂ ਬਚਿਆ ਜਾਵੇ। ਅੱਜ-ਕੱਲ੍ਹ ਬਾਜਾਰ ਵਿੱਚ ਵੀ ਵਾਤਾਵਰਣ ਅਨੁਕੂਲਿਤ ਪਲਾਸਟਿਕ ਦੇ ਬਹੁਤ ਸਾਰੇ ਵਿਕਲਪ ਮੌਜੂਦ ਹਨ। ਇਹਨਾਂ ਚੀਜਾਂ/ਗੱਲਾਂ ਨੂੰ ਅਸੀਂ ਸਾਰੇ ਅਮਲ ਵਿੱਚ ਲਿਆ ਕੇ ਹੀ ਜੀਵਨ ਦੇ ਅਨੁਕੂਲ ਵਾਤਾਵਰਣ ਨੂੰ ਬਰਕਰਾਰ ਰੱਖ ਸਕਦੇ ਹਾਂ ਅਤੇ ਇਸ ਦਾ ਪਤਨ ਰੋਕ ਸਕਦੇ ਹਾਂ।

By admin

Related Post