Punjabi

ਕਿਤੇ ਮਿਲ ਨੀ ਮਾਏ

1

ਮੈਂ ਬਚਪਨ ਤੋਂ ਹੀ ਲੋਕਗੀਤਾਂ ਵਿੱਚ ਜੰਮੀ , ਪਲੀ ਤੇ ਵੱਡੀ ਹੋਈ । ਆਪਣੀ ਮਾਂ ,ਦਾਦੀ , ਚਾਚੀਆਂ ਅਤੇ ਆਂਢ-  ਗੁਆਂਢਣਾਂ  ਦੇ ਮੂੰਹੋ  ਸੁਹਾਗ , ਘੋੜੀਆਂ,  ਮਾਹੀਏ ਸੁਣੇ ਅਤੇ ਆਪ ਵੀ ਸਿੱਖ ਲਏ । ਮੈਨੂੰ ਲੋਕਗੀਤਾਂ ਨਾਲ ਅੰਤਾਂ ਦਾ ਮੋਹ ਹੈ ।
ਅਜੋਕੇ ਸਮੇਂ ਵਿੱਚ ਲੋਕ ਗੀਤਾਂ ਨੂੰ ਸੰਭਾਲਕੇ ਰੱਖਣਾ ਅਤੇ ਉਸਨੂੰ ਕਿਤਾਬ ਦਾ ਰੂਪ ਦੇਣਾ ਬਹੁਤ ਵੱਡੀ ਗੱਲ ਹੈ । ਮੈਂ ਬੀਜੀ ਕੁਲਵੰਤ ਕੌਰ ਸੰਧੂ ਦਾ ਲੋਕਗੀਤ ਸੰਗ੍ਰਹਿ ” ਕਿਤੇ ਮਿਲ ਨੀ ਮਾਏ ” ਪੜ੍ਹਿਆ ਤਾਂ ਮਨ ਨੂੰ ਅੰਤਾਂ ਦੀ ਖੁਸ਼ੀ ਹੋਈ ।
ਜੀਵਨ ਦੇ ਹਰ ਰੰਗ ਦੀ ਝਲਕ ਇਸ ਵਿੱਚੋਂ ਮਿਲਦੀ ਹੈ ।
ਮੈਂ ਇਸ ਕਿਤਾਬ ਵਿਚਲਾ ਹਰ ਲੋਕਗੀਤ  ਗਾ – ਗਾ ਕੇ ਪੜ੍ਹਿਆ। ਗੀਤਾਂ ਦੇ ਨਾਲ ਹੱਸੀ ਤੇ  ਰੋਈ।    ਜਿੰਨੇ ਵੀ ਨਿਆਣੇ ਪੇਕੇ – ਸਹੁਰੇ ਵਿਆਹੁਣ ਯੋਗ ਹਨ , ਸਭ ਦੇ ਵਿਆਹ ਦੇ ਗੀਤ ਗਾ ਦਿੱਤੇ ।
ਮਨੁੱਖੀ ਮਨ ਵਿੱਚੋਂ ਉਛਲਦੇ ਚਾਅ, ਉਮੰਗਾ  ਦਾ ਬੇਸ਼ਕੀਮਤੀ ਖਜ਼ਾਨਾ  ਲੋਕਗੀਤ ਹਨ ਤੇ ਮੈਨੂੰ ਹੈਰਾਨੀ ਹੈ ਕਿ ਬੀਜੀ ਨੂੰ ਐਨੇ ਗੀਤ ਕਿਵੇਂ ਯਾਦ ਰਹੇ?
ਔਰਤ ਮਨ ਦੀ ਆਪਣੇ ਪ੍ਰਦੇਸੀ ਮਾਹੀਏ ਪ੍ਰਤੀ  ਸੰਵੇਦਨਾ,ਟੱਪੇ, ਘੋੜੀਆਂ,  ਜਾਗੋ, ਨਾਨਕਾ ਮੇਲ ਨਾਲ ਸੰਬੰਧਤ,  ਮਾਹੀਏ,  ਸਿੱਠਣੀਆਂ,  ਬੋਲੀਆਂ,   ਨਾਈ- ਧੋਈ, ਜੰਝ, ਡੋਲੀ , ਬਾਰਾਂਮਾਂਹ  ਹਰ ਰਸਮੋ- ਰਿਵਾਜ ਵੇਲੇ ਦੇ ਲੋਕਗੀਤ ਇਸ ਕਿਤਾਬ ਦਾ ਸ਼ਿੰਗਾਰ ਹਨ ।
ਇੱਕ ਮੁਟਿਆਰ ਆਪਣੇ ਮਨ ਦੇ ਵਲਵਲੇ  ਮਾਂ ਅੱਗੇ ਬਾਖੂਬੀ ਬਿਆਨ ਕਰ ਸਕਦੀ ਹੈ –
ਲੈ ਦੇ ਲੈ ਦੇ ਮਾਏ ਨੀ ਮੈਨੂੰ , ਖੱਦਰ ਦਾ ਦਾਜ
ਮੇਰੇ ਬਾਬੁਲ ਨੂੰ ਕਹਿਣਾ, ਰੰਗ ਗੂੜਾ ਹੀ ਲੈਣਾ
ਉੱਤੇ ਤਿੱਲਾ ਜੜਾਉਣਾ,  ਕਰਨਾ ਹੁਣ ਦਾ ਰਿਵਾਜ
ਲੈ ਦੇ ਲੈ ਦੇ ਮਾਏ ਨੀ ਮੈਨੂੰ ਖੱਦਰ ਦਾ ਦਾਜ
ਇੱਕ ਭੈਣ ਆਪਣੇ ਵੀਰ ਕੋਲ ਗਿਲੇ – ਸ਼ਿਕਵੇ ਕਰਦੀ  ਹੈ –
ਕਾਂਟੇ ਘੜ੍ਹਾ ਦੇ ਵੇ ਝੋਟੀ ਨੂੰ ਵੇਚਕੇ
ਭਾਬੋ ਦੇ ਮੱਥੇ ਤਿਉੜੀ , ਨਣਦਾਂ ਨੂੰ ਵੇਖਕੇ
ਨਾ ਪੁੱਟ ਕਿੱਲੇ ਵੇ ਵੀਰਾ,  ਨਾ ਖੋਲ੍ਹ ਤੂੰ ਗਾਂਈਆਂ ਵੇ
ਭੈਣਾਂ ਤੇ ਚਾਰ ਦਿਹਾੜੇ,  ਪੇਕਿਆ ਘਰ ਆਈਆਂ ਵੇ
1947 ਦੇ ਸਮੇਂ ਨੂੰ ਇਉਂ ਵੀ ਯਾਦ ਕੀਤਾ ਜਾਂਦਾ –
ਹਰਾ ਮੁੱਢ ਵੇ ਕਰੇਲੇ ਦਾ
ਮੈਂ ਕੁੜੀ ਸੋਲ੍ਹਾ ਸਾਲ ਦੀ
ਮਾਹੀ ਰੌਲਿਆ ਦੇ ਵੇਲੇ ਦਾ
ਭੈਣ ਵੀਰ ਤੋਂ ਸਭ ਕੁਝ ਵਾਰਨ ਲਈ ਤਿਆਰ ਹੈ –
ਆਪਣੇ ਵੀਰੇ ਤੋਂ ਕੀ ਕੁਝ ਵਾਰਾਂ  ਜੋ ਵਾਰਾਂ ਸੋ ਥੋੜ੍ਹਾ ਏ
ਪੰਜ ਰੁਪਈਏ ਗਿਣ- ਗਿਣ ਵਾਰਾਂ- ਸੱਠਾਂ ਦਾ ਸਿਲਮ ਸਿਤਾਰਾ ਏ
ਨਾਲ ਵੀਰੇ ਦੇ ਬਾਬੁਲ ਸੋਹਵੇ,ਮਾਤਾ ਦਾ ਚਮਕਾਰਾ ਏ
ਧੀ ਪ੍ਰਦੇਸਣ ਹੋਣ ਤੇ .
ਜਦੋਂ ਨਿਕਲੀ ਬਾਬੁਲ ਦਿਆਂ  ਮਹਿਲਾਂ ਵਿੱਚੋਂ
ਬੇਟੀ ਸਜੀ ਹੋਣੀ ਨਾਲ ਕਲੀਰਿਆਂ ਦੇ
ਭੈਣ ਦੁੱਖ ਵੀਰ ਨੂੰ ਸੁਣਾਉਂਦੀ ਹੈ  ਤੇ ਵੀਰ ਭੈਣ ਨੂੰ ਸਮਝਾਉਂਦਾ ਹੈ –
ਮੇਰੇ ਦੁੱਖੜੇ ਤਾਂ ਆ ਕੇ ਸੁਣ ਲੈ ਵੀਰਾ ਫਿਰ ਤੂੰ ਨੌਕਰ ਜਾਣਾ
ਨੀ ਬੇਸਮਝੇ ਮੇਰੀਏ ਭੈਣੇ , ਨੀ ਮੈਂ ਤਾਂ ਰੋਂਦੀ ਨੂੰ ਛੱਡ ਜਾਣਾ
ਸੱਸੂ ਸਾਡੀ ਵੀਰ ਵੇ ਸਾਨੂੰ ਬੋਲੀਆਂ ਮਾਰੇ
ਮੇਰੇ ਸੋਹਣਿਆ ਵੀਰਾ ਵੇ ਮੈਨੂੰ ਲੈ ਚੱਲ ਨਾਲੇ
ਤੜਕੇ ਉੱਠੀਏ ਭੈਣੇ ਚਰਖਾ ਵਿਹੜੇ ਵਿੱਚ ਡਾਈਏ
ਨੀ ਬੇਸਮਝੇ ਮੇਰੀਏ ਭੈਣੇ, ਸੱਸ ਸੁੱਤੀ ਨਾ ਜਗਾਈਏ
ਇਹ ਕਿਤਾਬ ਬੀਜੀ ਕੁਲਵੰਤ ਕੌਰ ਸੰਧੂ ਅਤੇ ਅਰਵਿੰਦਰ ਸੰਧੂ  ( ਮਾਵਾਂ- ਧੀਆਂ) ਦੁਆਰਾ ਅਣਥੱਕ ਮਿਹਨਤ ਤਿਆਰ ਕੀਤਾ ਅਹਿਮ ਅਤੇ ਸਾਂਭਣਯੋਗ ਦਸਤਾਵੇਜ਼ ਹੈ। ਮੈਨੂੰ ਲੱਗਦਾ ਹੈ ਕਿ ਹਰ ਇੱਕ ਪੰਜਾਬੀ ਦੇ ਘਰ ਇਹ ਕਿਤਾਬ ਹੋਣੀ ਚਾਹੀਦੀ ਹੈ ਤਾਂ ਕਿ ਸਾਡੀ ਨਵੀਂ ਪੀੜ੍ਹੀ ਜੋ ਰੀਤਾਂ – ਰਸਮਾਂ ਵਿਸਾਰ ਰਹੀ ਹੈ ਉਹ ਲੋਕਗੀਤਾਂ ਰਾਹੀਂ ਆਪਣੇ ਅਮੀਰ ਪੰਜਾਬੀ ਵਿਰਸੇ  ਦਾ ਮੂੰਹ- ਮੁਹਾਂਦਰਾ ਵੇਖ ਸਕੇ।
-ਕਰਮਜੀਤ ਦਿਉਣ ਐਲਨਾਬਾਦ