Punjabi

ਜਲੰਧਰ ਕੋਵਿਡ ਕੇਅਰ ਸੈਂਟਰ ਤੋਂ 17 ਹੋਰ ਮਰੀਜ਼ਾਂ ਨੂੰ ਛੁੱਟੀ

ਕੋਵਿਡ ਕੇਅਰ ਸੈਂਟਰ

ਡਾਕਟਰਾਂ ਅਤੇ ਸਿਹਤ ਕਾਮਿਆਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਕੀਤੀ ਸ਼ਲਾਘਾ
ਜਲੰਧਰ 5 ਜੂਨ (ਜਸਵਿੰਦਰ ਸਿੰਘ ਆਜ਼ਾਦ)- ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਤੋਂ ਇਲਾਜ ਉਪਰੰਤ 17 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ਾ ਨੂੰ ਛੁੱਟੀ ਦਿੱਤੀ ਗਈ। ਇਸ ਮੌਕੇ ਮਰੀਜ਼ਾਂ ਨੂੰ ਡਾਕਟਰਾਂ ਅਤੇ ਨਰਸਿੰਗ ਅਮਲੇ ਵਲੋਂ ਖੁਸ਼ੀ-ਖੁਸ਼ੀ ਘਰਾਂ ਲਈ ਰਵਾਨਾ ਕੀਤਾ ਗਿਆ। ਇਨ੍ਹਾਂ ਮਰੀਜ਼ਾਂ ਵਿੱਚ ਲਵਪ੍ਰੀਤ, ਪ੍ਰਭਜੋਤ ਕੌਰ, ਪ੍ਰਭਜੀਤ ਸਿੰਘ, ਬਲਦੇਵ ਕੌਰ, ਦਵਿੰਦਰ ਕੌਰ, ਕੁਲਵਿੰਦਰ ਸਿੰਘ, ਅਭਿਲੇਸ਼, ਰਾਜੇਸ਼ ਮੁਕੰਦੁਅਸ, ਰਿਤਿਕ, ਦੁਰਗਾ, ਮੰਜੂ, ਪੂਨਮ, ਜਸਵਿੰਦਰ ਸਿੰਘ, ਜਤਿੰਦਰ ਕੌਰ, ਅਮਰਜੀਤ ਸਿੰਘ ਅਤੇ ਸੰਜੀਵ ਕੁਮਾਰ ਸ਼ਾਮਿਲ ਹਨ ਜਿਨ੍ਹਾਂ ਨੂੰ ਕੋਵਿਡ ਪਾਜੀਟਿਵ ਆਉਣ ਉਪਰੰਤ ਕੋਵਿਡ ਕੇਅਰ ਸੈਂਟਰ ਵਿਖੇ ਦਾਖਿਲ ਕਰਵਾਇਆ ਗਿਆ ਜਿਥੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਦੀਸ਼ ਕੁਮਾਰ ਦੀ ਅਗਵਾਈ ਵਾਲੀ ਮੈਡੀਕਲ ਟੀਮ ਵਲੋਂ ਇਨਾਂ ਦਾ ਇਲਾਜ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਵਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ ਮਿਆਰੀ ਇਲਾਜ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਵਲੋਂ ਮੋਹਰਲੀ ਕਤਾਰ ਦੇ ਯੋਧਿਆਂ ਡਾਕਟਰਾਂ, ਨਰਸਿੰਗ ਅਮਲੇ ਅਤੇ ਹੋਰਨਾਂ ਵਲੋਂ ਕੋਵਿਡ-19 ਮਹਾਂਮਾਰੀ ਖਿਲਾਫ਼ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਗਈ। ਮਰੀਜ਼ਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਇਸ ਔਖੀ ਘੜੀ ਵਿੱਚ ਕੀਤੇ ਗਏ ਪੁਖ਼ਤਾ ਇੰਤਜ਼ਾਮਾਂ ਲਈ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਮੈਡੀਕਲ ਮਾਹਿਰਾਂ ਦੀ ਵਚਨਬੱਧਤਾ ਅਤੇ ਹਰੇਕ ਪੰਜਾਬ ਵਾਸੀ ਖਾਸ ਕਰਕੇ ਜਲੰਧਰ ਵਾਸੀਆਂ ਦੀ ਦ੍ਰਿੜ ਇੱਛਾ ਸ਼ਕਤੀ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਖਿਲਾਫ਼ ਜੰਗ ਹਰ ਹਾਲ ਵਿੱਚ ਜਿੱਤਣ ਲਈ ਪਾਬੰਦ ਹੈ।